About Maharaja Ranjit Singh: ਮਹਾਰਾਜਾ ਰਣਜੀਤ ਸਿੰਘ ਜੀ ਦੇ ਤਿੰਨ ਰੂਪ

(1) ਨਵੰਬਰ 1981 ਤਕ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੋ ਸੌਵੀਂ ਵਰ੍ਹੇ ਗੰਢ ਦਾ ਵਰ੍ਹਾ ਸੀ । ਸਾਰੀ ਉਮਰ ਮਹਾਰਾਜਾ ਸਾਹਿਬ ਨੇ ਕਮਰਕੱਸਾ ਨਹੀਂ ਉਤਾਰਿਆ ਅਤੇ ਪੁੱਛਣ ਤੇ ਇਹ ਹੀ ਕਹਿੰਦੇ ਸਨ, ਕਿ ‘ਸਰਕਾਰ ਖਾਲਸਾ ਹੈ, ਸਿੱਕਾ ਨਾਨਕ ਸ਼ਾਹੀ, ‘ਮੁਹਰ ਅਕਾਲ ਸਹਾਇ’, ਉਹ ਤਾਂ ਇਕ ਸੇਵਾਦਾਰ ਹੈ ।
(2) ਦੀਵਾਨ ਧੰਨਪਤਿ ਰਾਇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਾਬਲ ਇਸ ਆਸ਼ੇ ਨਾਲ ਭੇਜਿਆ, ਕਿ ਉਹ ਕਾਬਲ ਤੋਂ “ਲੈਲੀ” ਘੋੜਾ ਕਿਸੇ ਵੀ ਕੀਮਤ ਤੇ ਲੈ ਕੇ ਆਵੇ। ਜਦ ਦੀਵਾਨ ਲਸ਼ਕਰ ਸਮੇਤ ਉਥੇ ਪੁੱਜਾ, ਤਾਂ “ਲੈਲੀ” ਦਾ ਮਾਲਕ ਮੂਲ ਵੇਚਕੇ ਵੀ ਮੁੱਕਰ ਗਿਆ । ਧੰਨਪਤਿ ਰਾਇ ਨੇ ਸਮਝਾਉਣ ਤੇ ਧਮਕਾਉਣ ਦੀ ਥਾਂ ਪਿੰਡ ਹੀ ਉਜਾੜ ਦਿੱਤਾ ਤੇ ਲੈਲੀ ਲੈ ਲਾਹੌਰ ਵਲ ਚਲ ਪਿਆ । ਧੰਨਪਤਿ ਤਾਂ ਚਾਂਈ ਚਾਂਈ ਆ ਰਹਿਆ ਸੀ, ਕਿ ਮਹਾਰਾਜਾ “ਲੈਲੀ” ਦੇਖ ਖੁਸ਼ ਹੋਵੇਗਾ ਤੇ ਇਨਾਮ ਸਨਮਾਨ ਨਾਲ ਨਿਵਾਜੇਗਾ, ਪਰ ਉਹ ਹੈਰਾਨ ਹੋ ਗਿਆ, ਜਦ ਦਰਬਾਰ ਵਿਚ ਹਾਜ਼ਰ ਹੁੰਦੇ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੁਰਸੀ ਤੋਂ ਆਪੂੰ ਉਠ ਕੇ ‘ਦੀਵਾਨ’ ਨੂੰ ਜ਼ੋਰ ਜ਼ੋਰ ਦੀਆਂ ਚਪੇੜਾਂ ਮਾਰੀਆਂ ਤੇ ਉੱਚੀ ਆਵਾਜ਼ ਨਾਲ ਕਿਹਾ, ਕਿ ਉਸ ਨੂੰ ਇਹ ਜ਼ੁਲਮ ਢਾਹਣ, ਸਾੜ ਫੂਕ ਕਰਨ ਦਾ ਹੁਕਮ ਕਿਸ ਨੇ ਦਿੱਤਾ ਸੀ । ਨੀਤੀ ਵਰਤਣ ਦੀ ਥਾਂ ਉਸ ਨੇ ਇਹ ਅਤਿ ਕਿਉਂ ਕੀਤੀ ?
(3) ਕਈ ਅਣਜਾਨ ਮਹਾਰਾਜਾ ਰਣਜੀਤ ਸਿੰਘ ਨੂੰ ਪੂਰਬ ਦਾ ਨੈਪੋਲੀਅਨ ਕਹਿੰਦੇ ਨਹੀਂ ਥੱਕਦੇ, ਪਰ ਉਹ ਇਹ ਨਹੀਂ ਜਾਣਦੇ, ਕਿ ਉਹ ਮਹਾਂਬਲੀ ਦੀ ਨਿੰਦਿਆ ਕਰ ਰਹੇ ਹੁੰਦੇ ਹਨ । ਇਸੇ ਨੈਪੋਲੀਅਨ ਨੇ ਘਬਰਾ ਕੇ ਇਸਲਾਮ ਅਪਨਾਉਣਾ ਮੰਨ ਲਿਆ ਸੀ। ਸੁੰਨਤ ਤਕ ਕਰਵਾ ਲਈ ਸੀ । ਮੱਕਾ ਦੇ ਮੁਫਤੀਆਂ ਕੋਲੋਂ ਸਿਰਫ ਇਕ ਛੂਟ ਮੰਗੀ ਸੀ, ਕਿ ਫਰਾਂਸ ਵਾਲਿਆਂ ਨੂੰ ਸ਼ਰਾਬ ਪੀਣ ਦੀ ਖੁਲ ਦਿਤੀ ਜਾਏ । ਸ਼ਰਾਬ ਪੀਣ ਦੀ ਇਸਲਾਮ ਵਿਚ ਸਖਤ ਰੋਕ ਹੈ । ਮੁਫਤੀ ਨਹੀਂ ਸਨ ਮੰਨਦੇ ਤੇ ਗੱਲ ਟੁੱਟ ਗਈ ਸੀ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਪਾਸ ਦਿੱਲੀ ਤੋਂ ਨੈਪੋਲੀਅਨ ਦੇ ਹੀ ਇਕ ਜਰਨੈਲ ਐਵਿਟੇਬਲ ਨੇ ਨੌਕਰ ਹੋਣ ਲਈ ਲਿਖਿਆ ਸੀ । ਮਹਾਰਾਜਾ ਦੇ ਪੁੱਛਣ ਤੇ, ਕਿ ਉਹ ਉਸ ਦੀ ਫੌਜ ਵਿਚ ਕਿਉਂ ਭਰਤੀ ਹੋਣਾ ਚਾਹੁੰਦਾ ਹੈ, ਦੇ ਜਵਾਬ ਵਿਚ ਐਵਿਟੇਬਲ ਨੇ ਕਿਹਾ ਸੀ :
ਨੈਪੋਲੀਅਨ ਦੀ ਹਾਰ ਪਿਛੋਂ ਉਹ ਪਿੰਡ ਨਿੰਮਝੂਨ ਹੋਏ ਬੈਠਾ ਫ਼ੱਟ ਸੇਕ ਰਹਿਆ ਸੀ, ਕਿ ਇਕ ਸੈਲਾਨੀ ਆਪਣੇ ਮਿੱਤਰਾਂ ਨੂੰ ਕਹਿ ਰਿਹਾ ਸੀ, ਕਿ ਉਹ ਉਸ ਮੁਲਕ ਵਿਚੋਂ ਆਇਆ ਹੈ, ਜਿਸ ਦੀਆਂ ਫੌਜਾਂ ਇਹ ਦਾਈਆ ਕਰਦੀਆਂ ਹਨ, ਕਿ ਪਹਿਲਾਂ ਉਹ ਕਾਬਲ ਮਾਰਨਗੇ, ਫਿਰ ਗਜ਼ਨੀ ਨੂੰ ਜਿੱਤ ਤੁਰਕਿਸਤਾਨ ਨੂੰ ਪੈਣਗੇ ਅਤੇ ਯੂਰਪ ਨੂੰ ਲਿਤਾੜਦੇ ਲੰਦਨ ਕਬਜ਼ੇ ਵਿਚ ਲਿਆਉਣਗੇ । ਜਿਸ ਕੌਮ ਅਤੇ ਮਹਾਰਾਜਾ ਦੇ ਐਸੇ ਬੁਲੰਦ ਇਰਾਦੇ ਹਨ, ਨੌਕਰੀ ਤਾਂ ਉਸੇ ਦੀ ਕਰਣੀ ਚਾਹੀਦੀ ਹੈ ।
(ਪ੍ਰਿੰਸੀਪਲ ਸਤਿਬੀਰ ਸਿੰਘ ਜੀ)
ਸੋਢੀ ਪਰਮਿੰਦਰ ਸਿੰਘ
