—-<> ਜਦੋਂ ਪੰਜ ਪਿਆਰਿਆ ਸਾਨੂੰ ਵੀ ਹੁਕਮ ਚਾੜਿਆ <>—-
(ਭਾਗ 2)
ਪੰਜ ਸੱਤ ਅਰਦਾਸਾਂ ਆਮ ਵਾਂਙੂ ਹੋਈਆਂ। ਵਡਾਲਾ ਸਾਬ ਤਾਂ ਠੀਕ ਪਰ ਦੂਸਰੇ ਜਥੇਦਾਰ ਦਾਸ ਨਾਲ ਥੋੜੇ ਉਖੜੇ ਉਖੜੇ ਰਿਹਾ ਕਰਨ।
ਇਕ ਦਿਨ ਸਰਹੱਦ ਤੇ ਅਰਦਾਸ ਕਰਕੇ ਹਟੇ ਹੀ ਸੀ ਕਿ ਨਰਾਇਣ ਸਿੰਘ ਚੌੜਾ (ਸਾਬਕਾ ਖਾੜਕੂ) ਓਥੇ ਆ ਗਿਆ। ਕਹਿਣ ਲੱਗਾ ਜੱਥੇਦਾਰੋਂ ਕੀ ਲੇਲਕੜੀਆਂ ਲੈਦੇ ਰਹਿੰਦੇ ਹੋ ਛਾਲ ਮਾਰ ਕੇ ਤਾਰ ਟੱਪੋ ਆਪੇ ਲਾਂਘਾ ਬਣ ਜਾਊਗਾ।ਅਸੀ ਕਿਹਾ ਕਿ ਚੌੜਾ ਸਾਬ ਅਸੀ ਪਹਿਲੇ ਦਿਨ ਤੋਂ ਅਰਦਾਸ ਕਰਕੇ ਤੁਰੇ ਹਾਂ ਕਿ ਕਨੂੰਨ ਨੂੰ ਹੱਥ ਵਿਚ ਨਹੀ ਲੈਣਾ। ਆਪਣੀ ਜਥੇਬੰਦੀ ਦੀ ਛੱਡੋ ਅਸੀ ਕਿਸੇ ਹੋਰ ਨੂੰ ਵੀ ਇਹ ਸਲਾਹ ਨਹੀ ਦਿਆਂਗੇ।
ਖੈਰ ਸਿੰਘਾਂ ਵਿਚ ਇਸ ਗਲ ਤੇ ਚਰਚਾ ਛਿੜਦੀ ਪਰ ਸਾਡੀ ਪੱਕੀ ਧਾਰਨਾ ਹੈ ਕਿ ਸਰਕਾਰਾਂ ਨਾਲ ਜੇ ਆਡਾ ਲਾਉਣਾ ਤਾਂ ਆਪਣਾ ਅੰਦੋਲਨ ਸ਼ਾਂਤਮਈ ਰੱਖੋ। ਜਦੋਂ ਤੁਸੀ ਮਾਰਧਾੜ (Voilence) ਵਾੜ ਦਿੰਦੇ ਹੋ ਤਾਂ ਸਰਕਾਰਾਂ ਲਈ ਕੰਮ ਆਸਾਨ ਹੋ ਜਾਂਦਾ ਹੈ। ਲਾਅ ਐਂਡ ਆਰਡਰ ਨੂੰ ਨਜਿੱਠਣ ਲਈ ਪੁਲਿਸ ਅਤੇ ਫੌਜਾਂ ਤਿਆਰ ਬਰ ਤਿਆਰ ਰਹਿੰਦਿਆਂ ਨੇ। ਪਰ ਜੇ ਤੁਸੀ ਸ਼ਾਂਤਮਈ ਤਰੀਕੇ ਨਾਲ ਗਲ ਕਰਦੇ ਹੋ ਤਾਂ ਉਹ ਹੁਕਮਰਾਨ ਲਈ ਸਿਰਦਰਦੀ ਹੁੰਦੀ ਹੈ। ਸੋ ਸਰਕਾਰਾਂ ਹਮੇਸ਼ਾਂ ਚਾਹੁੰਦੀਆਂ ਨੇ ਕਿ ਕਿਸੇ ਵੀ ਅੰਦੋਲਨ ਵਿਚ ਮਾਰਧਾੜ ਵਾੜ ਦਿਓ। ਸਰਕਾਰੀ ਅਜੈਂਟ ਹਮੇਸ਼ਾਂ ਮਾਰਧਾੜ ਨੂੰ ਉਤਸ਼ਾਹ ਦਿੰਦੇ ਨੇ। ਸੋ ਪਾਠਕ ਇਹ ਗਲ ਪੱਲੇ ਬੰਨ ਲੈਣ।
ਖੈਰ ਜੀ ਇਕ ਮੱਸਿਆਂ ਤੇ ਜਦੋਂ ਉਚੀ ਧੁੱਸੀ ਤੇ ਅਰਦਾਸ ਕਰਕੇ ਹੇਠਾਂ ਉਤਰੇ ਤਾਂ ਥੱਲੇ ਨਵੇਂ ਬਣੇ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਲੰਗਰ ਛਕ ਰਹੀਆਂ ਸਨ। ਮੈਂ ਜਥੇਦਾਰ ਵਡਾਲਾ ਨਾਲ ਗੱਪ ਸ਼ੱਪ ਮਾਰ ਰਿਹਾ ਸੀ । ਏਨੇ ਨੂੰ ਇਕ ਸਿੰਘ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਤੁਹਾਨੂੰ ਬਾਹਰ ਸੱਦੀਦੈ। ਮੈਂ ਉਹਦੇ ਨਾਲ ਬਾਹਰ ਆਇਆ ਤਾਂ ਇਕ ਪਾਸੇ ਪੰਜ ਜਣੇ ਖੜੇ ਸਨ: ਜਥੇਦਾਰ ਜਸਬੀਰ ਸਿੰਘ ਜੱਫਰਵਾਲ, ਗੁਰਦਾਸਪੁਰ (ਕਿਤੇ ਵੱਸਣ ਸਿੰਘ ਜੱਫਰਵਾਲ ਨਾਂ ਸਮਝ ਲੈਣਾ। ਉਹ ਖਾੜਕੂ ਸਿੰਘ ਹੋਰ ਐੈ), ਸ. ਊਧਮ ਸਿੰਘ ਔਲਖ – ਨਕੋਦਰ, ਸ. ਗੁਰਿੰਦਰ ਸਿੰਘ ਬਾਜਵਾ -ਬਟਾਲਾ, ਕੇਵਲ ਸਿੰਘ ਭੰਗੂ (ਇਹਨਾਂ ਦਾ ਪਿੰਡ ਜਲੰਧਰ ਲਾਗੇ) ਅਤੇ ਇਕ ਸਿੰਘ ਹੋਰ ਇਹਨਾਂ ਦਾ ਨਾਂ ਯਾਦ ਨਹੀ ਤਸਵੀਰ ਇਥੇ ਦੇ ਰਿਹਾ ਹਾਂ ਇਹ ਭਾਈ ਦਲਜੀਤ ਸਿੰਘ ਬਿੱਟੂ ਨਾਲ ਲੰਮਾ ਸਮਾਂ ਜੇਲ ਵਿਚ ਰਹੇ ਹਨ।
ਬਾਜਵਾ ਮੈਨੂੰ ਸੰਬੋਧਨ ਹੋ ਕੇ ਕਹਿਣ ਲੱਗਾ ਪਿਆ, “ਗੁਰਾਇਆ ਸਾਬ ਸਾਵਧਾਨ ਹੋ ਜਾਓ।” ਮੈਂ ਕਿਹਾ ਭਈ ਕੀ ਗਲ ਹੈ, ਤੁਸੀ ਸੀਰੀਅਸ ਹੋਵੇ ਲਗਦੇ ਹੋ?
ਕਹਿਣ ਲੱਗ ਪਿਆ, ਵੇਖ ਰਿਹਾ ਨਾ? ਪੰਜ ਤਿਆਰ ਬਾਰ ਤਿਆਰ ਸਿੰਘ ਖੜੇ ਨੇ, ਤੈਨੂੰ ਹੁਕਮ ਲਾਓਣੈ।
ਮੈਂ ਉਹਨਾਂ ਨਾਲ ਬਹਿਸ ਕਰਨੀ ਜਾਇਜ ਨਾਂ ਸਮਝੀ ਕਿ ਹੁਕਮ ਲਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਦੀ ਅਵਸਥਾ ਹਾਸਲ ਕਰਨ ਵਾਸਤੇ ਤਿਆਰੀ ਕਰਨੀ ਹੁੰਦੀ ਆ, ਪਹਿਲਾਂ ਪੰਜ ਬਾਣੀਆਂ ਦਾ ਪਾਠ ਜਰੂਰੀ ਹੁੰਦੈ ਤਾਂ ਕਿ ਇਨਸਾਨ ਵਿਚ ਹਊਮੇ ਨਾਂ ਰਹੇ ਅਤੇ ਨੇਕ ਕੰਮ ਵਾਸਤੇ ਗੁਰਮੱਤਾ ਜਾਂ ਹੁਕਮ ਦਿਤਾ ਜਾ ਸਕੇ।
ਮੈਂ ਸਾਵਧਾਨ ਹੋ, ਹੱਥ ਜੋੜ ਕੇ ਖਲੋ ਗਿਆ।
ਬਾਜਵਾ ਬੋਲਿਆ, “ਪੰਜ ਸਿੰਘ ਤੈਨੂੰ ਹੁਕਮ ਲਾਉਦੇ ਨੇ ਕਿ ਸਰਹੱਦ ਤੇ ਲੱਗੀ ਤਾਰ ਟੱਪ।“
ਮੈਂ ਕਿਹਾ ‘ਜੀ ਸਤਿ ਬਚਨ ਮੇਰਾ ਗੁਰੂ ਮੇਰੀ ਅਗਵਾਈ ਕਰੇ ਕਿ ਕਿਥੋਂ ਤੇ ਕਿਵੇ ਟੱਪਣੀ ਆ? (ਯਾਦ ਰਹੇ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਕੋਈ 8-10 ਫੁੱਟ ਉੱਚੀ ਤੇ ਏਨੀ ਹੀ ਚੌੜੀ ਤਾਰ ਦਾ ਜਾਲ ਹੈ।ਬੀ ਐਸ ਐਫ ਦੇ ਜਵਾਨ ਬੰਦੂਕ ਲੋਡ ਕਰਕੇ ਤਿਆਰ ਰਹਿੰਦੇ ਨੇ ਕਿ ਜਦੋਂ ਵੀ ਕੋਈ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰੇ ਸਿੱਧੀ ਛਾਤੀ ‘ਚ ਗੋਲੀ ਮਾਰਨੀ ਹੈ। ) ਨਾਲ ਹੀ ਮੈਂ ਉਹਨਾਂ ਨੂੰ ਯਾਦ ਦਿਵਾ ਦਿੱਤਾ ਕਿ ਜਿਸ ਗੁਰੂ ਨੇ ਹੁਕਮਨਾਮੇ ਦੀ ਪ੍ਰੰਪਰਾ ਬਣਾਈ ਉਸ ਨੇ ਪਹਿਲਾਂ ਆਪਣਾ ਆਪ ਆਪਣਾ ਪ੍ਰਵਾਰ ਵਾਰਿਆ ਸੀ। ਮੈਂ ਅਰਜ ਕੀਤੀ ਕਿ ਮੈਂ ਪਿੱਛੇ ਨਹੀ ਹੱਟਾਂਗਾ।
ਪੰਜੇ ਜਣੇ ਠਠੰਬਰ ਗਏ। ਇਕ ਲਫਜ਼ ਵੀ ਮੂੰਹੋ ਨਹੀ ਕਿਹਾ ਅਤੇ ਨਾਂ ਹੀ ਕੁਝ ਚਿਰ ਤਕ ਉੱਥੋਂ ਪੈਰ ਪੁੱਟਿਆ।
ਫਿਰ ਮੈਂ ਹੀ ਬੋਲਦਾ ਰਿਹਾ ਕਿ ਯਾਰੋ ਜਦੋਂ ਆਪਾਂ ਸ਼ੁਰੂ ‘ਚ ਹੀ ਇਹ ਤਹਿ ਕਰਕੇ ਤੁਰੇ ਹਾਂ ਕਿ ਕੋਈ ਕਨੂੰਨ ਹੱਥ ਵਿਚ ਨਹੀ ਲੈਣਾ ਫਿਰ ਅੱਜ ਇਹ ਹਾਲਾਤ ਕਿਓ ਬਣੇ ਨੇ। ਕੋਈ ਨਹੀ ਬੋਲਿਆ।
ਕੁਝ ਚਿਰ ਬਾਦ ਸਾਰੇ ਜਣੇ ਗੁਰਦੁਆਰਾ ਸਾਹਿਬ ਨੂੰ ਪਰਤ ਆਏ। ਇਸ ਤੋਂ ਪਹਿਲਾਂ ਮੈਂ ਵਡਾਲਾ ਸਾਹਿਬ ਕੋਲ ਆਪਣਾ ਰੋਸ ਜਤਾਉਦਾ ਉਹ ਗੱਡੀ ਤੇ ਬਹਿ ਚਲੇ ਗਏ।
ਚੌਥੇ ਪੰਜਵੇ ਦਿਨ ਉਹਨਾਂ ਦੇ ਪੀ ਏ ਦਾ ਫੋਨ ਆ ਗਿਆ ਕਿ ਤੁਹਾਨੂੰ ਵਡਾਲਾ ਸਾਬ ਨੇ ਬੁਲਾਇਆ ਹੈ। ਪ੍ਰੋਗਰਾਮ ਗੁਰਾਇਆ ਲਾਗੇ ਕਿਸੇ ਪਿੰਡ ਵਿਚ ਸੀ ਨਾਮ ਯਾਦ ਨਹੀ। ਓਥੇ ਵਡਾਲਾ ਸਾਹਿਬ ਮੈਨੂੰ ਇਕੱਲੇ ਮਿਲੇ ਤੇ ਕਿਹਾ ਕਿ ਗੁਰਾਇਆ ਤੂੰ ਅਰਦਾਸ ਵਿਚ ਨਾਂ ਆਇਆ ਕਰ। ਸਾਡੇ ਸਿੰਘ ਤੈਨੂੰ ਨਹੀ ਚਾਹੁੰਦੇ।
ਉਪਰੰਤ ਅਸਾਂ ਆਪਣੀ ਜਥੇਬੰਦੀ ‘ਸੰਗਤ ਲਾਂਘਾ ਕਰਤਾਰਪੁਰ’ ਨਾਂ ਅਧੀਨ ਬਣਾ ਲਈ ਅਤੇ ਸੰਗਰਾਂਦ ਨੂੰ ਅਰਦਾਸ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਜੋ ਮੇਰੇ ਅਸਟ੍ਰੇਲੀਆ ਆਉਣ ਤੋਂ ਪਹਿਲਾਂ ਤਕ ਜਾਰੀ ਰਿਹਾ।
ਖੈਰ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਸ਼ ਸਦਕਾ ਲਾਂਘਾ ਖੁੱਲ ਗਿਆ ਹੈ ਪਰ ਜੋ ਸਾਡਾ ਸੁਫਨਾ ਸੀ ਕਿ ਬਿਨਾਂ ਪਾਸਪੋਰਟ ਬਿਨਾਂ ਵੀਜੇ ਦੇ ਲਾਂਘਾ ਖੁੱਲੇ ਉਹ ਅਜੇ ਅਧੂਰਾ ਹੈ।
ਲਾਂਘੇ ਬਾਰੇ ਹੋਰ ਵਿਸਥਾਰ ਵਿਚ ਪੜ੍ਹਨਾ ਹੋਵੇ ਤਾਂ ਵੈਬਸਾਈਟ ਵੇਖ ਲੈਣਾ ਜੀ।
— ਭਬੀਸ਼ਨ ਸਿੰਘ ਗੁਰਾਇਆ
